About
ਪਿਛਲੇ ਲੰਬੇ ਸਮੇਂ ਤੋਂ ਭਾਰਤੀ ਖਾਸਕਰ ਪੰਜਾਬੀ ਹੋਰਾਂ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਪੰਜਾਬੀਆਂ ਦੇ ਪਰਵਾਸ ਵਿੱਚ ਆਸਟਰੇਲੀਆ ਦੇਸ਼ ਸਦੀਆਂ ਤੋਂ ਪਸੰਦੀਦਾ ਦੇਸ਼ ਰਿਹਾ ਹੈ। ਭਾਰਤੀ ਭਾਵੇਂ ਲੰਬੇ ਸਮੇਂ ਤੋਂ ਇਸ ਧਰਤੀ ਦਾ ਹਿੱਸਾ ਬਣਦੇ ਰਹੇ, ਪਰ ਸਾਡੀ ਤ੍ਰਾਸਦੀ ਇਹ ਰਹੀ ਕਿ ਅਸੀਂ ਆਪਣੇ ਵੱਡਿਆਂ ਵਡੇਰਿਆਂ ਦੀਆਂ ਇਸ ਧਰਤੀ ਤੇ ਪਈਆਂ ਪੈੜਾਂ ਨੂੰ ਨਾ ਭਾਲ ਸਕੇ। ਉਹ ਪੈੜਾਂ ਸਮੇਂ ਦੀ ਧੂੜ ਅੱਗੇ ਸਾਡੀ ਨਜ਼ਰਾਂ ਤੋਂ ਓਝਲ ਹੋ ਗਈਆਂ। ਸਮੇਂ ਨੇ ਫਿਰ ਕਰਵਟ ਲਈ ਤੇ ਚੜ੍ਹਦੀ ਵਰੇਸ ਵਾਲੇ ਗੱਭਰੂ ਪੰਜਾਬੀ ਪੁੱਤ ਹਰਕੀਰਤ ਸਿੰਘ ਸੰਧਰ ਨੇ ਇਸ ਧੂੜ ਨੂੰ ਝਾੜ ਆਪਣੇ ਪੂਰਵਜਾਂ ਦੀਆਂ ਪੈੜਾਂ ਨੂੰ ਲੱਭਣ ਦਾ ਸਫ਼ਲ ਯਤਨ ਕੀਤਾ। ਇਹ ਕਾਰਜ ਹਰਕੀਰਤ ਸਿੰਘ ਸੰਧਰ ਨੇ ਬਾਖ਼ੂਬੀ ਨਿਭਾਇਆ ਤੇ “ਜਦੋਂ ਤੁਰੇ ਸੀ” ਕਿਤਾਬ ਰਾਹੀਂ ਇਹ ਸਾਡੇ ਤਕ ਅੱਪੜਦਾ ਕੀਤਾ। ਇੱਥੇ ਦੱਸਣਯੋਗ ਹੈ ਕਿ ਹਰਕੀਰਤ ਸਿੰਘ ਦੀ ਇਹ ਪਹਿਲੀ ਕਿਤਾਬ ਹੈ ਜਿਹੜੀਮੌਜੂਦਾ ਮੰਤਰੀ ਸਾਹਿਬਾਨ ਵੱਲੋਂ ਸਿਡਨੀ ਪਾਰਲੀਮੈਂਟ ਵਿਚ ਰਿਲੀਜ਼ ਕੀਤੀ ਗਈ ਸੀ ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਪਿਛਲੇ ਇੱਕ ਦਹਾਕੇ ਦੀ ਸਖ਼ਤ ਮਿਹਨਤ ਨਾਲ ਆਪਣੇ ਬਜ਼ੁਰਗਾਂ ਦੇ ਪੈਰਾਂ ਦੇ ਨਿਸ਼ਾਨਾਂ ਵਿੱਚ ਪੈਰ ਧਰ ਸਾਡੇ ਉਹ ਜਾਣਕਾਰੀ ਲਿਆਏ ਹਨ ਜੋ ਸਾਡੀਆਂ ਆਉਣ ਵਾਲੀਆਂ ਪੀਡ਼੍ਹੀਆਂ ਮਾਣ ਨਾਲ ਇਸ ਦੇਸ਼ ਅੰਦਰ ਆਪਣਾ ਅਤੀਤ 4200 ਸਾਲ ਤੋਂ ਪਹਿਲਾਂ ਦਾ ਮਹਿਸੂਸ ਕਰ ਸਕਣ।
ਜਾਣ ਪਹਿਚਾਣ
ਹਰਕੀਰਤ ਸਿੰਘ ਸੰਧਰ ਦੁਆਬੇ ਦੇ ਇਲਾਕੇ ਵਿੱਚ ਪਹਾੜੀਆਂ ਦੇ ਥੱਲੇ ਹੁਸ਼ਿਆਰਪੁਰ ਤੋਂ ਦਸੂਹਾ ਜਾਂਦੀ ਸੜਕ ਤੇ ਵਸੇ ਪਿੰਡ ਭਾਨਾ ਨਾਲ ਸਬੰਧਤ ਹੈ । ਘਰ ਵਿਚ ਪੁਰਾਤਨ ਬਣੀ ਲਾਇਬਰੇਰੀ ਨੇ ਉਨ੍ਹਾਂ ਦਾ ਬਚਪਨ ਤੋਂ ਹੀ ਕਿਤਾਬਾਂ ਨਾਲ ਪਿਆਰ ਪਾ ਦਿੱਤਾ ਜੋ ਕਿ ਆਸਟ੍ਰੇਲੀਆ ਵਿੱਚ ਆ ਕੇ ਵੀ ਬਣਿਆ ਹੋਇਆ ਹੈ । ਮੁੱਢਲੀ ਪੜ੍ਹਾਈ ਗੜ੍ਹਦੀਵਾਲਾ ਤੋਂ ਲੈ ਕੇ ਉਹ ਖ਼ਾਲਸਾ ਕਾਲਜ ਗੜਦੀਵਾਲਾ ਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਗ੍ਰੈਜੂਏਸ਼ਨ ਕੀਤੀ। ਬੀ ਏ ਦੀ ਡਿਗਰੀ ਦੇ ਨਾਲ ਨਾਲ ਉਨ੍ਹਾਂ ਫਾਰਮੈਸੀ ਦੀ ਪਡ਼੍ਹਾਈ ਵੀ ਕੀਤੀ । ਮਾਸਟਰ ਡਿਗਰੀ ਲਈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਵਿੱਚ ਆ ਗਏ ਜਿੱਥੇ ਐਮ ਏ ਪੰਜਾਬੀ ਕੀਤੀ। ਸਾਹਿਤ ਦੇ ਨਾਲ-ਨਾਲ ਸਮੇਂ ਦਾ ਹਾਣੀ ਬਣਨ ਲਈ ਪੀ ਜੀ ਡੀ ਸੀ ਏ ਦੀ ਡਿਗਰੀ ਲਈ। ਮਨ ਵਿੱਚ ਤਾਂਗ ਪੀ ਐਚ ਡੀ ਕਰਨ ਦੀ ਸੀ ਪਰ ਵਿਚਾਲੇ ਹੀ ਛੱਡ 2006 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਸਿੱਧੇ ਹੀ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਆ ਵਸੇ। ਰੋਟੀ ਰੋਜ਼ੀ ਦੇ ਜੁਗਾੜ ਨੇ ਉਨ੍ਹਾਂ ਅੰਦਰੋ ਸਹਿਤ ਦੀ ਚਿਣਗ ਨੂੰ ਕਦੇ ਵੀ ਮੱਧਮ ਨਹੀਂ ਹੋਣ ਦਿੱਤਾ ਸਗੋਂ ਸਮੇਂ ਨਾਲ ਹੋਰ ਚਮਕ ਕੇ ਬਾਹਰ ਆਇਆ। ਇੱਥੇ ਦੱਸਣਯੋਗ ਹੈ ਕਿ ਪਿਛਲੇ ਇਕ ਦਹਾਕੇ ਤੋਂ ਹਰਕੀਰਤ ਸਿੰਘ ਸੰਧਰ ਸਿਡਨੀ ਤੋਂ ਅਜੀਤ ਅਖਬਾਰ ਦੇ ਨਾਮਾਨਿਗਾਰ ਹਨ। ਭਖਦੇ ਮਸਲਿਆਂ ਤੇ ਉਨ੍ਹਾਂ ਦੇ ਲਿਖੇ ਲੇਖ ਕਾਫ਼ੀ ਮਹੱਤਵਪੂਰਨ ਹਨ ਤੇ ਦੁਨੀਆਂ ਭਰ ਦੇ ਰਸਾਲਿਆਂ ਵਿੱਚ ਪੜ੍ਹੇ ਜਾਂਦੇ ਹਨ। ਆਸਟਰੇਲੀਆ ਵਿਚ ਭਾਰਤੀਆਂ ਦੀਆਂ ਪੈੜਾਂ ਨੂੰ ਸਮਝਣ ਲਈ ਸੰਧਰ ਨੇ ਕਈ ਮਹੱਤਵਪੂਰਨ ਖੋਜਾਂ ਕੀਤੀਆਂ ਜੋ ਲਗਾਤਾਰ ਜਾਰੀ ਹਨ। ਪਿਛਲੇ ਚਾਰ ਸਾਲ ਆਸਟ੍ਰੇਲੀਆ ਦੀਆਂ ਸੜਕਾਂ ਤੇ ਜੰਗਲਾਂ ਵਿੱਚੋਂ ਸਾਡੇ ਵਡੇਰਿਆਂ ਦੀਆਂ ਪੈੜਾਂ ਇਕੱਠੀਆਂ ਕਰਕੇ ਹਰਕੀਰਤ ਸਿੰਘ ਸੰਧਰ ਨੇ ਕਿਤਾਬ ” ਜਦੋਂ ਤੁਰੇ ਸੀ” ਸਾਡੀ ਝੋਲੀ ਪਾਈ ਜੋ ਸਾਡੀ ਆਸਟ੍ਰੇਲੀਆ ਵਿੱਚ ਹੋਂਦ ਨੂੰ ਦਰਸਾਉਂਦੀ ਕਿਤਾਬ ਹੈ। ਇਸ ਕਿਤਾਬ ਜ਼ਰੀਏ ਅਸੀਂ ਅਸਟ੍ਰੇਲੀਆ ਤੇ ਭਾਰਤੀਆਂ ਦੇ 4200 ਤੋਂ ਉੱਪਰ ਦੇ ਸੰਬੰਧਾਂ ਨੂੰ ਦੇਖ ਸਕਦੇ ਹਾਂ। ਭਾਰਤੀਆਂ ਦੇ ਨਾਵਾਂ ਤੇ ਗਲੀਆਂ ਮੁਹੱਲਿਆਂ ਦੇ ਨਾਮ ਪੂਰਵਜਾਂ ਦੇ ਆਸਟ੍ਰੇਲੀਆ ਵਿਚ ਬਣੀ ਰਸੂਖ ਨੂੰ ਦਰਸਾਉਂਦੇ ਹਨ। ਹਸਪਤਾਲਾਂ ਦੇ ਅੱਗੇ ਸਾਡੇ ਵਡੇਰਿਆ ਦੀਆਂ ਲੱਗੀਆਂ ਨਾਮ ਦੀਆਂ ਤਖ਼ਤੀਆਂ ਕਰਮ ਕਰੋ ਅਤੇ ਵੰਡ ਛਕੋ ਦੇ ਫਲਸਫੇ ਨੂੰ ਪੇਸ਼ ਕਰਦੀਆਂ ਹਨ। ਇਸ ਕਿਤਾਬ ਰਾਹੀਂ ਅਸੀਂ ਜਾਣਦੇ ਹਾਂ ਕਿ ਕੇਵਲ ਮਨੁੱਖ ਹੀ ਨਹੀਂ ਸਗੋਂ ਜਾਨਵਰ ਤੇ ਪੰਛੀ ਵੀ ਭਾਰਤ ਤੋਂ ਆਸਟਰੇਲੀਆ ਲਿਆਂਦੇ ਗਏ ਅਤੇ ਅੱਜ ਉਹ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਹਰਕੀਰਤ ਸਿੰਘ ਸੰਧਰ ਦੇ ਇਸ ਕਾਰਜ ਲਈ ਸਾਡਾ ਸਿਰ ਹਮੇਸ਼ਾਂ ਸਿਜਦਾ ਹੈ ਅਤੇ ਸਾਡੀ ਦਿਲੀ ਕਾਮਨਾ ਹੈ ਕਿ ਉਹ ਇਸ ਕਾਰਜ ਨੂੰ ਲਗਾਤਾਰ ਜਾਰੀ ਰੱਖਣ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਆਸਟਰੇਲੀਆ ਵਿੱਚ ਆਪਣੇ ਆਪ ਨੂੰ ਕਦੇ ਵੀ ਨਵਾਂ ਨਾ ਸਮਝਣ । ਉਨ੍ਹਾਂ ਦੀ ਕਿਤਾਬ ਵਿੱਚੋਂ ਲਏ ਕੁਝ ਲੇਖ ਜੋ ਆਸਟਰੇਲੀਆ ਵਿਚ ਭਾਰਤੀਆਂ ਦੀ ਹੋਂਦ ਨੂੰ ਦਰਸਾਉਂਦੇ ਹਨ
ਖੋਜ ਦਾ ਸਫ਼ਰ
ਇੱਥੇ ਇਹ ਦੱਸਣਾ ਬਣਦਾ ਹੈ ਕਿ ਭਾਰਤੀਆਂ ਦੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਇਹ ਪਹਿਲੀ ਖੋਜ ਹੈ ਜਿਸ ਵਿੱਚ ਇਨ੍ਹਾਂ ਵਿਸਥਾਰ ਨਾਲ ਦੱਸਿਆ ਗਿਆ ਹੈ । ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਦੱਸਦੇ ਹਨ ਕਿ ਉਨ੍ਹਾਂ ਨੇ ਚਾਰ ਸਾਲ ਜਿੱਥੇ ਪੂਰੇ ਆਸਟ੍ਰੇਲੀਆ ਵਿੱਚ ਪੂਰਵਜਾਂ ਦੀਆਂ ਪੈੜਾਂ ਨੂੰ ਘੋਖਿਆ ਉਥੇ ਕਈ ਭਾਰਤੀਆਂ ਦੀਆਂ ਨਿਸ਼ਾਨੀਆਂ ਵੀ ਉਨ੍ਹਾਂ ਨੂੰ ਪ੍ਰਾਪਤ ਹੋਈਆਂ। ਇਸ ਖੋਜ ਵਿੱਚ ਹਰਕੀਰਤ ਸਿੰਘ ਸੰਧਰ ਦੀ ਧਰਮ ਪਤਨੀ ਸੁਖਮਨਦੀਪ ਕੌਰ ਖਹਿਰਾ ਦਾ ਵਿਸ਼ੇਸ਼ ਯੋਗਦਾਨ ਹੈ । ਉਹ ਖ਼ੁਦ ਵੀ ਸਾਹਿਤ ਦੀ ਵਿਦਿਆਰਥਣ ਰਹੀ ਹੈ ਅਤੇ ਉਨ੍ਹਾਂ ਦੀ ਇਸ ਖੋਜ ਵਿੱਚ ਵਿਸ਼ੇਸ਼ ਰੁਚੀ ਹੈ ਉਨ੍ਹਾਂ ਇਕ ਵਾਕਿਆ ਸਾਂਝਾ ਕਰਦੇ ਕਿਹਾ ਕਿ ਉਹ ਸਿਡਨੀ ਤੋਂ ਪਰਥ ਨੂੰ ਜਾ ਰਹੇ ਸੀ ਤਾਂ ਰਸਤੇ ਵਿਚ ਇਕ ਸਵੇਰ ਉਹ ਚਾਹ ਪੀਣ ਲਈ ਇੱਕ ਪਿੰਡ ਵਿੱਚ ਬਣੀ ਛੋਟੀ ਜਿਹੀ ਚਾਹ ਦੀ ਦੁਕਾਨ ਤੇ ਰੁਕੇ। ਜਿਵੇਂ ਹੀ ਉਹ ਦੁਕਾਨ ਤੇ ਪਹੁੰਚੇ ਤਾਂ ਬਜ਼ੁਰਗ ਕੌਫ਼ੀ ਬਣਾਉਣ ਵਾਲੀ ਔਰਤ ਨੂੰ ਕਿਹਾ ,”ਸੱਤ ਸ੍ਰੀ ਅਕਾਲ ਮਿਸਟਰ ਸਿੰਘ”। ਇਹ ਸੁਣਦੇ ਹੀ ਜਿਵੇਂ ਰੌਂਗਟੇ ਖੜ੍ਹੇ ਹੋ ਗਏ ਤੇ ਚਾਹ ਤਾਂ ਕਿਧਰੇ ਭੁੱਲ ਹੀ ਗਈ । ਗੱਲਬਾਤ ਦੌਰਾਨ ਉਸ ਔਰਤ ਨੇ ਦੱਸਿਆ ਕਿ ਇਹ ਚਾਹ ਦੀ ਦੁਕਾਨ ਇਸ ਇਲਾਕੇ ਦੀ ਸਭ ਤੋਂ ਪੁਰਾਣੀ ਦੁਕਾਨ ਹੈ ਤੇ ਅਤੇ ਇਸ ਤੋਂ ਪਹਿਲਾਂ ਉਸ ਬਜ਼ੁਰਗ ਔਰਤ ਦੇ ਪਿਤਾ ਜੀ ਇਹ ਦੁਕਾਨ ਚਲਾਇਆ ਕਰਦੇ ਸਨ। ਉਸ ਸਮੇਂ ਕਈ ਪੰਜਾਬੀ ਮੂਲ ਦੇ ਹਾਕਰ ਇੱਥੇ ਆਉਂਦੇ ਸਨ। ਇਸ ਕਰਕੇ ਉਹ ਪੰਜਾਬੀਆਂ ਦੇ ਪਹਿਰਾਵੇ ਅਤੇ ਉਨ੍ਹਾਂ ਦੇ ਖਾਣ ਪਾਣ ਨੂੰ ਚੰਗੀ ਤਰ੍ਹਾਂ ਸਮਝਦੀ ਹੈ । ਉਸ ਔਰਤ ਕੋਲੋਂ ਕਈ ਤਸਵੀਰਾਂ ਵੀ ਲਈਆਂ ਜਦ ਪੰਜਾਬੀ ਹਾਕਰ ਇੱਥੇ ਆਉਂਦੇ ਹੁੰਦੇ ਸੀ ।ਆਸਟਰੇਲੀਆ ਵਿਚ ਭਾਰਤੀਆਂ ਦੀ ਖੋਜ ਕਰਦੇ ਸਮੇਂ ਹਰਕੀਰਤ ਸਿੰਘ ਸੰਧਰ ਦੱਸਦੇ ਹਨ ਕਿ ਉਨ੍ਹਾਂ ਨੇ ਤਕਰੀਬਨ ਇੱਕ ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਇਸ ਖੋਜ ਦੌਰਾਨ ਕਈ ਪੰਜਾਬੀ ਸਨ ਜਿਨ੍ਹਾਂ ਦੇ ਵਿਆਹ ਆਸਟਰੇਲੀਆ ਦੇ ਮੂਲ ਵਸਨੀਕ ਐਬੋਰਿਜਨਲ ਭਾਈਚਾਰੇ ਵਿੱਚ ਹੋਏ ਹਨ ਅਤੇ ਹੁਣ ਉਨ੍ਹਾਂ ਦੇ ਨਾਮ ਤਕ ਬਦਲ ਗਏ ਹਨ । ਕਈ ਪੰਜਾਬੀਆਂ ਦੇ ਨਾਮ ਉੱਤੇ ਸੜਕਾਂ ਤੇ ਗਲੀਆਂ ਦੇ ਨਾਮ ਸਾਨੂੰ ਫਕਰ ਮਹਿਸੂਸ ਕਰਵਾਉਂਦੇ ਹਨ । ਹਰਕੀਰਤ ਸਿੰਘ ਦੀ ਖੋਜ ਇਹ ਖੋਜ ਕਾਬਲੇ ਤਾਰੀਫ ਹੈ ਅਤੇ ਉਨ੍ਹਾਂ ਦੇ ਜਜਬੇ ਨੂੰ ਕੋਟ ਕੋਟ ਸਲਾਮ । ਸਮੁੱਚੇ ਪੰਜਾਬੀਆਂ ਨੂੰ ਸੰਧਰ ਦੇ ਉੱਪਰ ਮਾਣ ਹੈ। ਉਨ੍ਹਾਂ ਦੀ ਕਿਤਾਬ ਵਿੱਚੋਂ ਲਏ ਕੁਝ ਲੇਖ ਜੋ ਆਸਟਰੇਲੀਆ ਵਿਚ ਭਾਰਤੀਆਂ ਦੀ ਹੋਂਦ ਨੂੰ ਦਰਸਾਉਂਦੇ ਹਨ|
